Pages

About Me

My photo
Kulrian/Bareta, Punjab, India
I am simple and coool boy.

Tuesday 16 November 2010

ਤੁਰਦੇ ਰਹਿਣਾ ਹੀ ਜ਼ਿੰਦਗੀ ਦਾ ਕਰਮ

ਤੁਰਨ ਵਾਲੇ ਹੀ ਮੰਜ਼ਿਲ ’ਤੇ ਪਹੁੰਚਦੇ ਹਨ ਪਰ ਮੰਜ਼ਿਲ ’ਤੇ ਪਹੁੰਚਣ ਲਈ ਕਦਮਾਂ ਦੀ ਪੈੜ-ਚਾਲ ਵਕਤ ਦੇ ‘ਤਕਾਜ਼ੇ’ ਉੱਪਰ ਨਿਰਭਰ ਕਰਦੀ ਹੈ। ਭਾਵੇਂ ਹਰੇਕ ਦੇ ਮਨ ’ਚ ਇਹ ਸੁਪਨਾ ਸੰਜੋਇਆ ਹੁੰਦਾ ਹੈ ਕਿ ਉਹ ਜ਼ਿੰਦਗੀ ’ਚ ਪੈਰਾਂ ਸਿਰ ਹੋਵੇ, ਸਾਬਤ ਕਦਮੀਂ ਤੁਰਦਿਆਂ ਉਹ ਲੋਕਾਂ ’ਚ ਸਿਰ ‘ਉਠਾ’ ਕੇ ਜੀਵੇ ਤਾਂ ਜੋ ਥੋੜ੍ਹ ਚਿਰੀ ਜ਼ਿੰਦਗੀ ਬਹਾਰ ’ਚ ਤਬਦੀਲ ਹੋ ਸਕੇ ਪਰ ਰਾਹ ’ਚ ਆਉਂਦੇ ਕੰਡੇ ਸਫ਼ਰ ’ਚ ਔਖਿਆਈਆਂ ਦੇ ਜਾਮਨ ਬਣਦੇ ਹਨ। ਜੇਕਰ ਬਚਪਨ ’ਚ ਹੀ ਪੜ੍ਹਾਈ ਦਾ ਮੌਕਾ ‘ਖੁੱਸ’ ਜਾਵੇ ਤਾਂ ਜੀਵਨ ਖੂਹ-ਖਾਤੇ ਪੈ ਜਾਂਦਾ ਹੈ। ਇਸ ਰਾਹ ਤੇ ਜ਼ਿੰਦਗੀ ਕਿਸੇ ਦੇ ਅਧੀਨ ਹੋ ਜਾਂਦੀ ਹੈ ਤੇ ਫਿਰ ਉਮਰ ਵਿਚਾਰਗੀ, ਹੀਣਤਾ, ਮਜਬੂਰੀ ਤੇ ਬੇਬਸੀ ਦੇ ‘ਲੇਖੇ’ ਲੱਗ ਜਾਂਦੀ ਹੈ। ਇਹ ਸਫ਼ਰ ਜੀਵਨ ਨੂੰ ਉਸ ਹਨੇਰ ਕੋਠੜੀ ’ਚ ਬਦਲ ਦਿੰਦਾ ਹੈ ਜਿੱਥੇ ਜ਼ਿੰਦਗੀ ‘ਅਪਾਹਜ’ ਹੋ ਕੇ ਰਹਿ ਜਾਂਦੀ ਹੈ। ਬੇਬਸੀ ਉਸ ਦਾ ‘ਕਰਮ’ ਬਣਦੀ ਹੈ ਤੇ ਅਧੀਨਗੀ ਉਸ ਦਾ ‘ਧਰਮ’। ਇਹ ਜੀਵਨ ਮਹਿਜ਼ ਇੱਕ ਰਸਮ ਹੁੰਦਾ ਹੈ, ਜਿਸ ’ਚੋਂ ‘ਸੋਚ’ ਮਨਫ਼ੀ ਹੁੰਦੀ ਹੈ। ‘ਆਜ਼ਾਦੀ’ ਦਾ ਗੁਣਗਾਣ ਕਰਦਿਆਂ ਜ਼ਿੰਦਗੀ ਦੇ ਅਜਿਹੇ ਪਾਤਰ ਹਰ ਮੋੜ ’ਤੇ ਵੇਖਣ ਨੂੰ ਮਿਲਦੇ ਹਨ ਜਿਹੜੇ ਪ੍ਰਬੰਧ ਦੇ ਕੁਹਜ ਨੂੰ ਜੱਗ-ਜ਼ਾਹਰ ਕਰਦੇ ਹਨ। ਜ਼ਿੰਦਗੀ ਦੇ ਸਫਰ ਤੋਂ ਹੀ ਰੇਲ ਗੱਡੀ ਦਾ ਸਫ਼ਰ ਸ਼ੁਰੂ ਹੁੰਦਾ ਹੈ।
ਗੱਡੀ ਦੇ ਇੱਕ ਸਟੇਸ਼ਨ ਤੋਂ ਤੁਰਦਿਆਂ ਹੀ ਦੋ ਮਾਸੂਮ ਬੱਚੇ ਡੱਬੇ ’ਚ ਦਾਖਲ ਹੁੰਦੇ ਹਨ, ਜਿਨ੍ਹਾਂ ਦੇ ਚਿਹਰਿਆਂ ’ਤੇ ਸਕੂਨ ਤੇ ਗਲਾਂ ’ਚ ਸਕੂਲਾਂ ਦੇ ਬਸਤੇ ਸੋਂਹਦੇ ਹਨ ਪਰ ਉਹ ਮੈਲੇ-ਕੁਚੈਲੇ ਦਿਸਦੇ ਸਾਰੰਗੀ ਦੀ ਨਕਲ ਤੇ ਦੇਸੀ ਸਾਜ਼ਾਂ ਨਾਲ ਮੁਸਾਫ਼ਰਾਂ ਦੇ ਰੂਬਰੂ ਹੁੰਦੇ ਹਨ। ਉਹ ਆਪਣੇ ਹੱਥਾਂ ’ਚ ਫੜ੍ਹੇ ਸਾਜ਼ ਵਜਾਉਣ ਲਗਦੇ ਹਨ…ਹੋਠਾਂ ਤੇ ਆਉਂਦੇ ਫ਼ਿਲਮੀ…ਸਭਿਆਚਾਰ ਦੇ ਗੀਤ… ਸਾਰਿਆਂ ਦਾ ਧਿਆਨ ਖਿੱਚਦੇ ਹਨ। ਮੁਸਾਫ਼ਰ ਸਹਿਜ ਸੁਭਾਅ ਉਨ੍ਹਾਂ ਨੂੰ ਸੁਣਦੇ ਹਨ… ਕਈਆਂ ਨੂੰ ਉਨ੍ਹਾਂ ਦੇ ਸਾਜ਼ ਤੇ ਗੀਤ ‘ਥਰਕਣ’ ਲਾ ਦਿੰਦੇ ਹਨ। ਚਲਦੀ ਗੱਡੀ ਦੀ ਆਵਾਜ਼ ਉਨ੍ਹਾਂ ਦੇ ਸੰਗੀਤ ਦਾ ‘ਰੰਗ’ ਬਣਦੀ ਹੈ। ਮਾਸੂਮ ਬੱਚਿਆਂ ਦਾ ਗੀਤ ਖਤਮ ਹੁੰਦਾ ਹੈ ਤੇ ਉਹ ਹਰੇਕ ਮੁਸਾਫ਼ਰ ਕੋਲ ਜਾ ਕੇ ਹੱਥ ਫੈਲਾਉਂਦਿਆਂ ਇਵਜ਼ ਵਜੋਂ ਕੋਈ ਪੈਸਾ-ਟਕਾ ਮੰਗਦੇ ਹਨ। ਬਚਪਨ ‘ਪਾਪੀ-ਪੇਟ’ ਲਈ ਬੇਵਸ ਹੋਇਆ ਨਜ਼ਰ ਆਉਂਦਾ ਹੈ। ਕਈ ਮੁਸਾਫ਼ਰ ਬੱਚਿਆਂ ’ਤੇ ਤਰਸ ਕਰਕੇ ਤੇ ਕੁਝ ਉਨ੍ਹਾਂ ਦਾ ਗੀਤ ਸੁਣ ਕੇ ਨੰਨ੍ਹੀ ਤਲੀ ਤ’ੇ ਰੁਪਏ ਰੱਖਦੇ ਹਨ…ਬੱਚੇ ਅੱਗੇ ਤੁਰਦੇ ਜਾਂਦੇ ਹਨ। ਮੁਸਾਫ਼ਰਾਂ ਲਈ ਇਹ ਸਾਧਾਰਨ ਗੱਲ ਹੈ ਕਿਉਂਕਿ ਹਰ ਕੋਈ ਆਪੋ ਆਪਣੇ ਕੰਮ ’ਚ ‘ਮਸਤ’ ਹੈ। ਕਿਸੇ ਕੋਲ ਖੇਡਣ ਲਈ ਮੋਬਾਈਲ ਹੈ, ਸੰਗੀਤ ਸੁਣਨ ਲਈ ਵਾਕਮੈਨ, ਸਮਾਂ ਮਾਰਨ ਲਈ ਤਾਸ਼ ਤੇ ਗੱਲਾਂ ਲਈ ਨਾਲ ਦੇ ਮੁਸਾਫ਼ਰ। ਅਜਿਹੇ ‘ਮੁਸਾਫਰਾਂ’ ਦੀਆਂ ਨਜ਼ਰਾਂ ’ਚ ਖੇਡਣ-ਮੱਲਣ ਦੀ ਉਮਰੇ ਮੰਗ ਕੇ ਗੁਜ਼ਾਰਾ ਕਰਦੇ ਮਾਸੂਮ ਚੁਭਦੇ ਨਹੀਂ। ਉਨ੍ਹਾਂ ਕੋਲ ਅਜਿਹਾ ਸੋਚਣ ਦਾ ‘ਵਕਤ’ ਵੀ ਨਹੀਂ ਕਿਉਂਕਿ ਹਰ ਕੋਈ ਆਪੋ-ਆਪਣੀ ਕਬੀਲਦਾਰੀ ’ਚ ‘ਫਸਿਆ’ ਹੈ। ਸਭਨਾਂ ਦੀਆਂ ਆਪਣੀਆਂ ਪ੍ਰੇਸ਼ਾਨੀਆਂ ਤੇ ਲੋੜਾਂ ਹਨ ਤੇ ਜਿਨ੍ਹਾਂ ਦੀ ਪੂਰਤੀ ਲਈ ਜੀਵਨ ‘ਬਸਰ’ ਹੋ ਰਿਹਾ ਹੈ। ਭਲਾਂ ਕਿਸੇ ਨੂੰ ਹੋਰ ਦੀ ਜ਼ਿੰਦਗੀ ਬਾਰੇ ‘ਸੋਚਣ’ ਦੀ ਕੀ ਲੋੜ ਐ? ਮਹਾਂਨਗਰ ਦਾ ਸਟੇਸ਼ਨ ਆਉਣ ਤੋਂ ਪਹਿਲਾਂ ਹਰ ਕੋਈ ਉੱਤਰਨ ਲਈ ਅਹੁਲਦਾ ਹੈ ਅਤੇ ਗੱਡੀ ਰੁਕਣ ਤੇ ਸਾਰੇ ਜਣੇ ਆਪੋ ਆਪਣੇ ਕੰਮ ਕਰਨ ਲਈ ਚਲੇ ਜਾਂਦੇ ਹਨ।
ਅਸੀਂ ਕੁਝ ਮਿੱਤਰ ਵਿਆਹ ’ਚ ਸ਼ਾਮਲ ਹੋਣ ਲਈ ਸ਼ਹਿਰ ਆਏ ਹਾਂ। ਸਾਡੇ ਜਾਂਦਿਆਂ ਹੀ ਪੈਲਿਸ ’ਚ ਵਿਆਹ ਦੇ ਜਸ਼ਨ ਸ਼ੁਰੂ ਹਨ। ਅੰਦਰ ਬਾਹਰ ਰੌਣਕ ਹੈ…ਬੱਚੇ, ਨੌਜਵਾਨ ਤੇ ਵੱਡੀ ਉਮਰ ਦੇ ਕਾਮੇ ਵੱਖ-ਵੱਖ ਕੰਮਾਂ ’ਚ ਮਸ਼ਰੂਫ਼ ਹਨ। ਕੋਈ ਆਪਣੇ ਸੁਪਨਿਆਂ ਨੂੰ ਮਾਰ ਕੇ ਮੋਟੇ ਵਿਅਕਤੀ ਦਾ ਕਵਚ ਪਹਿਨੀ ਮਹਿਮਾਨਾਂ ਨੂੰ ਖੁਸ਼ ਕਰਨ ਦੀ ਤਾਕ ’ਚ ਹੈ ਤੇ ਕੋਈ ਜਾਨ ਜੋਖ਼ਮ ’ਚ ਪਾ ਕੇ ਕਿਸੇ ਸਰਕਸ ਦੇ ਅਦਾਕਾਰ ਵਾਂਗ ਬਾਂਸ ਦੀਆਂ ਸੋਟੀਆਂ ਤੇ ਅਸਮਾਨੀ ਉੱਡਿਆ ਨਜ਼ਰ ਆਉਂਦਾ ਹੈ। ਅਸੀਂ ਬਾਹਰ ਦੇ ਲਾਅਨ ’ਚ ਬੈਠਦੇ ਹਾਂ, ਖਾਣ ਪੀਣ ਚੱਲ ਰਿਹਾ ਹੈ… ਵੇਟਰਾਂ ’ਚ ਕੋਟ ਤੇ ਟਾਈ ’ਚ ‘ਸਜੇ’ ਮੁੰਡਿਆਂ ਦੇ ਨਾਲ ਕੁੜੀਆਂ ਵੀ ਸ਼ਾਮਲ ਹਨ…। ਖਾਣ-ਪੀਣ ਲਈ ਮੂੰਹੋਂ ਮੰਗਿਆ ਸਮਾਨ ਮਿਲਦਾ ਹੈ…‘ਸਰੂਰ’ ਲਈ ਵੀ ਸਹੂਲਤ ਉਪਲਬਧ ਹੈ। ਜਿਸ ਨੂੰ ਹਰ ਕੋਈ ਆਪਣੀ ਲੋੜ ਅਨੁਸਾਰ ਲੈਂਦਾ ਹੈ। ਹਰੇਕ ਦਾ ਸਬੰਧ ਕੇਵਲ ਆਪਣੀ ‘ਖੁਸ਼ੀ’ ਨਾਲ ਹੈ… ਇਹੋ ਉਸ ਨੂੰ ਆਪਣੀ ਜ਼ਿੰਦਗੀ ਦੀ ‘ਜਿੱਤ’ ਜਾਪਦੀ ਹੈ…। ਘਰ ਦਿਆਂ ਲਈ ਵਿਆਹ ਦੀ ਖੁਸ਼ੀ ਹੈ, ਮਹਿਮਾਨਾਂ ਲਈ ਆਪਣੇ ‘ਆਨੰਦ’ ਦਾ ਆਲਮ…ਪਰ ਕਿਸੇ ਨੂੰ ਵੀ ਸਵਾਗਤ ਕਰਨ, ਸਟੇਜ ’ਤੇ ਨੱਚਣ, ਖਾਣਾ ਬਣਾਉਣ, ਪਰੋਸਣ ਤੇ ‘ਟਿੱਪ’ ਮੰਗਣ ਵਾਲਿਆਂ ਨੂੰ ਵੇਖ ‘ਇਨਸਾਫ਼’ ਦਾ ਤਕਾਜ਼ਾ ਨਜ਼ਰ ਨਹੀਂ ਆਉਂਦਾ ਕਿਉਂਕਿ ਉਨ੍ਹਾਂ ਦੀ ਨਜ਼ਰ ’ਚ ਇਹ ਤਾਂ ਕਿਸਮਤ ਕਰਮਾਂ ਦਾ ਖੇਲ ਹੈ, ਜਿਸ ’ਚ ਹਰ ਕੋਈ ਆਪਣੀ ‘ਡਿਊਟੀ’ ਨਿਭਾ ਰਿਹਾ ਹੈ।

No comments:

Post a Comment