Pages

About Me

My photo
Kulrian/Bareta, Punjab, India
I am simple and coool boy.

Thursday 25 November 2010

ਜਦੋਂ ਸਾਰੀ ਰਾਤ ਨੀਂਦ ਨਾ ਆਵੇ


ਅੱਜ ਦੇ ਆਪਾਧਾਪੀ ਵਾਲੇ ਮਸ਼ੀਨੀ ਯੁੱਗ 'ਚ ਉਨੀਂਦਰੇ ਦਾ ਰੋਗ ਵਧਦਾ ਜਾ ਰਿਹਾ ਹੈ। ਅੱਜ ਹਰ ਵਿਅਕਤੀ ਫਿਕਰਾਂ 'ਚ ਘਿਰਿਆ ਹੋਇਆ ਹੈ। ਨਰਮ ਬਿਸਤਰੇ 'ਤੇ ਵੀ ਲੇਟ ਕੇ ਉਸ ਨੂੰ ਨੀਂਦ ਨਹੀਂ ਆਉਂਦੀ ਕਿਉਂਕਿ ਉਸ ਦਾ ਦਿਮਾਗ ਅੱਜ ਦੀ ਬਨਾਉਟੀ ਜ਼ਿੰਦਗੀ, ਭੌਤਿਕ ਵਸਤੂਆਂ ਦੇ ਪਿੱਛੇ ਅੰਨ੍ਹੀ ਦੌੜ, ਧੋਖਾਧੜੀ, ਕੂਟਨੀਤੀ ਅਤੇ ਚਾਲਬਾਜ਼ੀ 'ਚ ਲੱਗਾ ਰਹਿੰਦਾ ਹੈ। ਬੁਢਾਪੇ, ਬੀਮਾਰੀ ਅਤੇ ਅਸੁਰੱਖਿਆ ਦਾ ਡਰ ਉਸ ਨੂੰ ਵੱਖਰਾ ਘੇਰੀ ਰੱਖਦਾ ਹੈ। ਨੀਂਦ ਨਾ ਆਉਣ ਕਾਰਨ ਉਹ ਹਮੇਸ਼ਾ ਪ੍ਰੇਸ਼ਾਨ ਹੋ ਜਾਂਦਾ ਹੈ। ਇਸ ਤਰ੍ਹਾਂ ਇਹ ਦੁਸ਼ਚੱਕਰ ਬਣਿਆ ਰਹਿੰਦਾ ਹੈ। ਅਸਲ 'ਚ ਨੀਂਦ ਕੁਦਰਤ ਦਾ ਵਿਅਕਤੀ ਦੇ ਸਾਰੇ ਦਿਨ ਦੇ ਕੰਮ-ਕਾਰਾਂ ਨਾਲ ਡਾਊਨ ਹੁੰਦੀ ਬੈਟਰੀ ਨੂੰ ਚਾਰਜ ਕਰਨ ਦਾ ਇਕ ਵਧੀਆ ਸਿਸਟਮ ਹੈ। ਕੁਦਰਤ ਦੇ ਨਿਯਮਾਂ ਨਾਲ ਛੇੜ-ਛਾੜ ਇਨਸਾਨ ਦੇ ਹੱਕ 'ਚ ਫਾਇਦੇਮੰਦ ਨਹੀਂ ਹੈ। ਨੀਂਦ ਦੀਆਂ ਗੋਲੀਆਂ ਦੀ ਗੱਲ ਹੀ ਲੈ ਲਓ ਤਾਂ ਅਸੀਂ ਦੇਖਾਂਗੇ ਕਿ ਇਨ੍ਹਾਂ ਦੇ ਕਿੰਨੇ ਬੁਰੇ ਨਤੀਜੇ ਹੋ ਸਕਦੇ ਹਨ। ਇਕ ਤਰ੍ਹਾਂ ਇਹ ਹੌਲੀ-ਹੌਲੀ ਲਿਆ ਜਾਣ ਵਾਲਾ ਜ਼ਹਿਰ ਹੈ। ਇਹ ਵਿਅਕਤੀ ਨੂੰ ਸਮੇਂ ਤੋਂ ਪਹਿਲਾਂ ਬੁੱਢਾ ਹੀ ਨਹੀਂ ਬਣਾ ਦਿੰਦਾ, ਸਗੋਂ ਮੌਤ ਦੇ ਕੰਢੇ 'ਤੇ ਵੀ ਲੈ ਜਾਂਦਾ ਹੈ। ਕੁਝ ਗੱਲਾਂ ਨੂੰ ਜੇਕਰ ਧਿਆਨ 'ਚ ਰੱਖਿਆ ਜਾਵੇ ਤਾਂ ਕਾਫੀ ਹੱਦ ਤੱਕ ਇਸ ਰੋਗ ਤੋਂ ਬਚਿਆ ਜਾ ਸਕਦਾ ਹੈ। ਬਿਸਤਰੇ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੈ। ਉੱਚੇ ਸਿਰਹਾਣੇ ਨਾਲ ਗਰਦਨ ਦਾ ਦਰਦ ਅਤੇ ਸਪਾਂਡਿਲਾਇਟਿਸ ਹੋ ਸਕਦਾ ਹੈ। ਬਿਨਾਂ ਸਿਰਹਾਣੇ ਦੇ ਸੁੱਤਾ ਜਾਵੇ ਤਾਂ ਚੰਗਾ ਹੈ ਜਾਂ ਫਿਰ ਨਰਮ ਅਤੇ ਨੀਵਾਂ ਸਿਰਹਾਣਾ ਲਓ। ਬਿਸਤਰੇ 'ਤੇ ਆਪਣੀ ਸਹੂਲਤ ਮੁਤਾਬਿਕ ਲੇਟੋ। ਹੱਥ-ਪੈਰ ਬਿਲਕੁਲ ਰਿਲੈਕਸ ਰਹਿਣ। ਸਾਰੇ ਦਿਨ ਦੀ ਪ੍ਰੇਸ਼ਾਨੀ, ਦੁੱਖ-ਤਕਲੀਫ, ਸ਼ੰਕੇ ਅਤੇ ਨਾਕਾਰਾਤਮਕ ਵਿਚਾਰਾਂ ਨੂੰ ਤਿਆਗ ਦਿਓ। ਕਦੇ ਕਿਸੇ ਸੁੰਦਰ ਥਾਂ ਜਾਂ ਕੁਦਰਤੀ ਸੁੰਦਰਤਾ ਵਾਲੀ ਥਾਂ 'ਤੇ ਗਏ ਹੋਵੋ ਤਾਂ ਉਸ ਦੀ ਯਾਦ ਤਾਜ਼ਾ ਕਰ ਲਓ ਜਾਂ ਜ਼ਿੰਦਗੀ ਦੇ ਕੋਈ ਹਸੀਨ ਪਲ ਜਾਂ ਫਿਰ ਕੋਈ ਮਿਠਾਸ ਭਰਪੂਰ ਗੱਲਬਾਤ ਕਰੋ। ਕਿਸੇ ਖੂਬਸੂਰਤ ਗਜ਼ਲ, ਕਵਿਤਾ, ਗੀਤ ਦੀਆਂ ਸਤਰਾਂ ਦੁਹਰਾਈਆਂ ਜਾ ਸਕਦੀਆਂ ਹਨ।ਸਰਦੀਆਂ 'ਚ ਸੌਣ ਤੋਂ ਪਹਿਲਾਂ ਕੋਈ ਗਰਮ ਤਰਲ ਪੀਣਾ ਬਹੁਤ ਲਾਭਦਾਇਕ ਹੁੰਦਾ ਹੈ। ਜੋ ਲੋਕ ਦੁੱਧ ਪੀਣ ਦੇ ਆਦੀ ਹੋਣ, ਉਹ ਦੁੱਧ ਪੀ ਸਕਦੇ ਹਨ, ਨਹੀਂ ਤਾਂ ਚਾਹ ਜਾਂ ਕੌਫੀ ਪੀ ਸਕਦੇ ਹਨ। ਖੁਰਾਕ 'ਤੇ ਖਾਸ ਧਿਆਨ ਦਿੱਤਾ ਜਾਣਾ ਚਾਹੀਦੈ। ਸੰਤੁਲਿਤ ਖੁਰਾਕ ਲਈ ਜਾਣੀ ਚਾਹੀਦੀ ਹੈ। ਨਾਸ਼ਤਾ ਡੱਟ ਕੇ ਕਰੋ ਪਰ ਰਾਤ ਦਾ ਭੋਜਨ ਹਮੇਸ਼ਾ ਹਲਕਾ ਰੱਖੋ। ਭੁੱਖ ਨਾਲੋਂ ਕੁਝ ਘੱਟ ਹੀ ਖਾਓ। ਉਨੀਂਦਰੇ ਦਾ ਇਕ ਕਾਰਨ ਬਦਹਜ਼ਮੀ ਵੀ ਹੋ ਸਕਦੀ ਹੈ। ਜਿੱਥੇ ਬਹੁਤ ਜ਼ਿਆਦਾ ਭੋਜਨ ਨਾਲ ਨੁਕਸਾਨ ਹੁੰਦਾ ਹੈ, ਉਥੇ ਹੀ ਬਿਲਕੁਲ ਖਾਲੀ ਪੇਟ ਵੀ ਨਹੀਂ ਰਹਿਣਾ ਚਾਹੀਦਾ। ਭੁੱਖੇ ਢਿੱਡ ਵੀ ਨੀਂਦ ਨਹੀਂ ਆਏਗੀ। ਖਾਣਾ ਖਾਂਦਿਆਂ ਹੀ ਸੌਣ ਨਾਲ ਭੋਜਨ ਜ਼ਹਿਰ ਬਣ ਜਾਂਦਾ ਹੈ। ਖਾ ਕੇ ਥੋੜ੍ਹਾ ਟਹਿਲਣਾ ਚਾਹੀਦੈ। ਖਾਣ ਅਤੇ ਸੌਣ ਵਿਚਕਾਰ ਘੱਟੋ-ਘੱਟ ਦੋ ਘੰਟਿਆਂ ਦਾ ਫਰਕ ਹੋਣਾ ਚਾਹੀਦੈ। ਬੇਹੱਦ ਸ਼ੋਰ-ਸ਼ਰਾਬਾ, ਤੇਜ਼ ਰੋਸ਼ਨੀ ਨਾਲ ਵੀ ਨੀਂਦ ਦਾ ਵੈਰ ਹੈ। ਨਾਈਟ ਲੈਂਪ ਬਾਲ ਕੇ ਸੌਂਵੋ। ਰੋਸ਼ਨੀ ਜ਼ੀਰੋ ਵਾਟ ਦੇ ਬੱਲਬ ਦੀ ਹੀ ਠੀਕ ਰਹੇਗੀ। ਬੱਲਬ ਦੇ ਉੱਪਰ ਸ਼ੈੱਡ ਲੱਗਾ ਹੋਵੇ ਤਾਂਕਿ ਅੱਖਾਂ 'ਤੇ ਸਿੱਧੀ ਰੋਸ਼ਨੀ ਨਾ ਪਏ। ਕਮਰੇ 'ਚ ਥੋੜ੍ਹੀ-ਬਹੁਤੀ ਤਾਜ਼ੀ ਹਵਾ ਦੀ ਵੀ ਗੁੰਜਾਇਸ਼ ਹੋਣੀ ਚਾਹੀਦੀ ਹੈ। ਦਮ ਘੁੱਟਣ ਵਾਲੇ ਵਾਤਾਵਰਣ ਅਤੇ ਹਵਾ ਦੀ ਘਾਟ ਨਾਲ ਵੀ ਘਬਰਾਹਟ ਪੈਦਾ ਹੁੰਦੀ ਹੈ ਅਤੇ ਅਜਿਹੇ 'ਚ ਨੀਂਦ ਆਉਣੀ ਅਸੰਭਵ ਹੋ ਜਾਂਦੀ ਹੈ। ਇਕ ਗੱਲ ਹੋਰ, ਸੌਣ ਵਾਲੇ ਕਮਰੇ 'ਚ ਸਾਫ-ਸੁਥਰੇ ਅਤੇ ਸਲੀਕੇ ਨਾਲ ਸਜੀਆਂ ਤਸਵੀਰਾਂ ਲਗਾਓ। ਸੁੰਦਰ ਤਸਵੀਰਾਂ ਨੂੰ ਦੇਖਦਿਆਂ ਵੀ ਮਿੱਠੀ ਨੀਂਦ ਦੀ ਕਲਪਨਾ ਕੀਤੀ ਜਾ ਸਕਦੀ ਹੈ। ਸਰੀਰਕ ਮਿਹਨਤ ਕਰਨ ਵਾਲਿਆਂ ਨੂੰ ਉਨੀਂਦਰੇ ਦਾ ਰੋਗ ਕਦੇ ਨਹੀਂ ਹੁੰਦਾ। ਜਦੋਂ ਇਨਸਾਨ ਸਰੀਰਕ ਤੌਰ 'ਤੇ ਬੁਰੀ ਤਰ੍ਹਾਂ ਥੱਕਿਆ ਹੁੰਦਾ ਹੈ ਤਾਂ ਆਪਣਾ ਸਿਰ ਜਿਵੇਂ ਹੀ ਸਿਰਹਾਣੇ 'ਤੇ ਰੱਖਦਾ ਹੈ, ਉਹ ਨੀਂਦ ਦੀ ਗ੍ਰਿਫਤ 'ਚ ਚਲਾ ਜਾਂਦਾ ਹੈ ਪਰ ਮਾਨਸਿਕ ਕੰਮ ਕਰਨ ਵਾਲੇ ਅਤੇ ਸਾਰਾ ਦਿਨ ਕੁਰਸੀ ਤੋੜਨ ਵਾਲਿਆਂ ਨੂੰ ਅਕਸਰ ਨੀਂਦ ਨਾ ਆਉਣ ਦੀ ਸਮੱਸਿਆ ਪੇਸ਼ ਆਉਂਦੀ ਹੈ। ਵਰਜਿਸ਼ ਦੀ ਘਾਟ 'ਚ ਮਾਸਪੇਸ਼ੀਆਂ ਖਿੱਚੀਆਂ ਰਹਿਣਗੀਆਂ। ਦਿਮਾਗ ਤਣਾਅ ਨਾਲ ਘਿਰਿਆ ਰਹੇਗਾ। ਹਾਜ਼ਮਾ ਠੀਕ ਨਹੀਂ ਹੋਵੇਗਾ ਅਤੇ ਇਨਸਾਨ ਆਲਸੀ ਬਣ ਜਾਂਦਾ ਹੈ। ਅਜਿਹੇ 'ਚ ਜੇਕਰ ਨੀਂਦ ਨਾ ਆਵੇ ਤਾਂ ਨੀਂਦ ਦਾ ਭਲਾ ਕੀ ਕਸੂਰ। ਮਹਾਨਗਰਾਂ 'ਚ ਛੋਟੇ-ਛੋਟੇ ਮਕਾਨ ਹੁੰਦੇ ਹਨ, ਜਿੱਥੇ ਬਹੁਤਾ ਤੁਰਨ-ਫਿਰਨ ਦੀ ਸੰਭਾਵਨਾ ਨਹੀਂ ਹੁੰਦੀ। ਅਜਿਹੇ 'ਚ ਸਪਾਟ ਜਾਗਿੰਗ ਭਾਵ ਇਕੋ ਥਾਂ 'ਤੇ ਖੜ੍ਹੇ ਰਹਿ ਕੇ ਲੈਫਟ-ਰਾਈਟ ਕਰਦੇ ਰਹਿਣਾ ਕੀਤਾ ਜਾ ਸਕਦਾ ਹੈ। ਕਸਰਤ ਲਈ ਕੋਈ ਵੀ ਸਮਾਂ ਆਪਣੀ ਸਹੂਲਤ ਮੁਤਾਬਿਕ ਚੁਣਿਆ ਜਾ ਸਕਦਾ ਹੈ, ਸਿਰਫ ਖਾਣਾ ਖਾਣ ਤੋਂ ਇਕਦਮ ਬਾਅਦ ਨੂੰ ਛੱਡ ਕੇ। ਕਈ ਲੋਕਾਂ ਨੂੰ ਪੜ੍ਹਨ ਵੇਲੇ ਬਹੁਤ ਵਧੀਆ ਨੀਂਦ ਆਉਂਦੀ ਹੈ। ਇਕ ਤਰ੍ਹਾਂ ਇਹ ਵਧੀਆ ਆਦਤ ਹੈ। ਬਸ ਧਿਆਨ ਰਹੇ ਕਿ ਸੌਣ ਤੋਂ ਪਹਿਲਾਂ ਜੋ ਸਾਹਿਤ ਪੜ੍ਹਿਆ ਜਾਵੇ, ਉਹ ਕੋਈ ਜਾਸੂਸੀ ਜਾਂ ਹਾਰਰ ਬੁੱਕ ਨਾ ਹੋਵੇ। ਇਸੇ ਤਰ੍ਹਾਂ ਕਈ ਲੋਕ ਸੰਗੀਤ ਦੀਆਂ ਧੁਨਾਂ ਨਾਲ ਝੂਮਦੇ ਹੋਏ ਮਿੱਠੀ ਨੀਂਦੇ ਸੌਂਦੇ ਹਨ। ਇਹ ਵੀ ਠੀਕ ਹੈ। ਧਿਆਨ ਰਹੇ ਕਿ ਜੇਕਰ ਨੀਂਦ ਨਹੀਂ ਆ ਰਹੀ ਅਤੇ ਤੁਸੀਂ ਪਾਸੇ ਪਰਤੀ ਜਾ ਰਹੇ ਹੋ, ਤਾਂ ਤੁਰੰਤ ਉੱਠ ਜਾਓ। ਆਪਣੀ ਮਨਪਸੰਦ ਦਾ ਕੋਈ ਅਧੂਰਾ ਕੰਮ, ਜੋ ਰਾਤ ਨੂੰ ਕਰਨਾ ਸੰਭਵ ਹੋਵੇ, ਲੈ ਕੇ ਬੈਠ ਜਾਓ। ਖਤਮ ਹੁੰਦੇ-ਹੁੰਦੇ ਤੁਸੀਂ ਨੀਂਦ ਦੀ ਗੋਦ 'ਚ ਹੋਵੋਗੇ। ਧਿਆਨ ਰਹੇ ਕਿ ਸੌਣ ਦਾ ਸਮਾਂ ਤੈਅ ਹੋਣਾ ਚਾਹੀਦੈ। ਬਚਪਨ 'ਚ ਯਾਦ ਕੀਤੀ ਇਹ ਸਤਰ 'ਅਰਲੀ ਟੂ ਬੈੱਡ ਐਂਡ ਅਰਲੀ ਟੂ ਰਾਈਜ਼ ਮੇਕਸ ਏ ਮੈਨ ਹੈਲਦੀ ਵੈਲਦੀ ਐਂਡ ਵਾਈਸ' ਬਿਲਕੁਲ ਸੱਚ ਹੈ। ਛੇਤੀ ਸੌਣਾ, ਛੇਤੀ ਉੱਠਣਾ, ਇਸੇ ਨਾਲ ਹੀ ਇਨਸਾਨ ਸਿਹਤਮੰਦ ਅਤੇ ਬੁੱਧੀਮਾਨ ਬਣਦਾ ਹੈ ਅਤੇ ਧਨ-ਸੰਪਤੀ ਪ੍ਰਾਪਤ ਕਰ ਸਕਦਾ ਹੈ।

Tuesday 16 November 2010

ਤੁਰਦੇ ਰਹਿਣਾ ਹੀ ਜ਼ਿੰਦਗੀ ਦਾ ਕਰਮ

ਤੁਰਨ ਵਾਲੇ ਹੀ ਮੰਜ਼ਿਲ ’ਤੇ ਪਹੁੰਚਦੇ ਹਨ ਪਰ ਮੰਜ਼ਿਲ ’ਤੇ ਪਹੁੰਚਣ ਲਈ ਕਦਮਾਂ ਦੀ ਪੈੜ-ਚਾਲ ਵਕਤ ਦੇ ‘ਤਕਾਜ਼ੇ’ ਉੱਪਰ ਨਿਰਭਰ ਕਰਦੀ ਹੈ। ਭਾਵੇਂ ਹਰੇਕ ਦੇ ਮਨ ’ਚ ਇਹ ਸੁਪਨਾ ਸੰਜੋਇਆ ਹੁੰਦਾ ਹੈ ਕਿ ਉਹ ਜ਼ਿੰਦਗੀ ’ਚ ਪੈਰਾਂ ਸਿਰ ਹੋਵੇ, ਸਾਬਤ ਕਦਮੀਂ ਤੁਰਦਿਆਂ ਉਹ ਲੋਕਾਂ ’ਚ ਸਿਰ ‘ਉਠਾ’ ਕੇ ਜੀਵੇ ਤਾਂ ਜੋ ਥੋੜ੍ਹ ਚਿਰੀ ਜ਼ਿੰਦਗੀ ਬਹਾਰ ’ਚ ਤਬਦੀਲ ਹੋ ਸਕੇ ਪਰ ਰਾਹ ’ਚ ਆਉਂਦੇ ਕੰਡੇ ਸਫ਼ਰ ’ਚ ਔਖਿਆਈਆਂ ਦੇ ਜਾਮਨ ਬਣਦੇ ਹਨ। ਜੇਕਰ ਬਚਪਨ ’ਚ ਹੀ ਪੜ੍ਹਾਈ ਦਾ ਮੌਕਾ ‘ਖੁੱਸ’ ਜਾਵੇ ਤਾਂ ਜੀਵਨ ਖੂਹ-ਖਾਤੇ ਪੈ ਜਾਂਦਾ ਹੈ। ਇਸ ਰਾਹ ਤੇ ਜ਼ਿੰਦਗੀ ਕਿਸੇ ਦੇ ਅਧੀਨ ਹੋ ਜਾਂਦੀ ਹੈ ਤੇ ਫਿਰ ਉਮਰ ਵਿਚਾਰਗੀ, ਹੀਣਤਾ, ਮਜਬੂਰੀ ਤੇ ਬੇਬਸੀ ਦੇ ‘ਲੇਖੇ’ ਲੱਗ ਜਾਂਦੀ ਹੈ। ਇਹ ਸਫ਼ਰ ਜੀਵਨ ਨੂੰ ਉਸ ਹਨੇਰ ਕੋਠੜੀ ’ਚ ਬਦਲ ਦਿੰਦਾ ਹੈ ਜਿੱਥੇ ਜ਼ਿੰਦਗੀ ‘ਅਪਾਹਜ’ ਹੋ ਕੇ ਰਹਿ ਜਾਂਦੀ ਹੈ। ਬੇਬਸੀ ਉਸ ਦਾ ‘ਕਰਮ’ ਬਣਦੀ ਹੈ ਤੇ ਅਧੀਨਗੀ ਉਸ ਦਾ ‘ਧਰਮ’। ਇਹ ਜੀਵਨ ਮਹਿਜ਼ ਇੱਕ ਰਸਮ ਹੁੰਦਾ ਹੈ, ਜਿਸ ’ਚੋਂ ‘ਸੋਚ’ ਮਨਫ਼ੀ ਹੁੰਦੀ ਹੈ। ‘ਆਜ਼ਾਦੀ’ ਦਾ ਗੁਣਗਾਣ ਕਰਦਿਆਂ ਜ਼ਿੰਦਗੀ ਦੇ ਅਜਿਹੇ ਪਾਤਰ ਹਰ ਮੋੜ ’ਤੇ ਵੇਖਣ ਨੂੰ ਮਿਲਦੇ ਹਨ ਜਿਹੜੇ ਪ੍ਰਬੰਧ ਦੇ ਕੁਹਜ ਨੂੰ ਜੱਗ-ਜ਼ਾਹਰ ਕਰਦੇ ਹਨ। ਜ਼ਿੰਦਗੀ ਦੇ ਸਫਰ ਤੋਂ ਹੀ ਰੇਲ ਗੱਡੀ ਦਾ ਸਫ਼ਰ ਸ਼ੁਰੂ ਹੁੰਦਾ ਹੈ।
ਗੱਡੀ ਦੇ ਇੱਕ ਸਟੇਸ਼ਨ ਤੋਂ ਤੁਰਦਿਆਂ ਹੀ ਦੋ ਮਾਸੂਮ ਬੱਚੇ ਡੱਬੇ ’ਚ ਦਾਖਲ ਹੁੰਦੇ ਹਨ, ਜਿਨ੍ਹਾਂ ਦੇ ਚਿਹਰਿਆਂ ’ਤੇ ਸਕੂਨ ਤੇ ਗਲਾਂ ’ਚ ਸਕੂਲਾਂ ਦੇ ਬਸਤੇ ਸੋਂਹਦੇ ਹਨ ਪਰ ਉਹ ਮੈਲੇ-ਕੁਚੈਲੇ ਦਿਸਦੇ ਸਾਰੰਗੀ ਦੀ ਨਕਲ ਤੇ ਦੇਸੀ ਸਾਜ਼ਾਂ ਨਾਲ ਮੁਸਾਫ਼ਰਾਂ ਦੇ ਰੂਬਰੂ ਹੁੰਦੇ ਹਨ। ਉਹ ਆਪਣੇ ਹੱਥਾਂ ’ਚ ਫੜ੍ਹੇ ਸਾਜ਼ ਵਜਾਉਣ ਲਗਦੇ ਹਨ…ਹੋਠਾਂ ਤੇ ਆਉਂਦੇ ਫ਼ਿਲਮੀ…ਸਭਿਆਚਾਰ ਦੇ ਗੀਤ… ਸਾਰਿਆਂ ਦਾ ਧਿਆਨ ਖਿੱਚਦੇ ਹਨ। ਮੁਸਾਫ਼ਰ ਸਹਿਜ ਸੁਭਾਅ ਉਨ੍ਹਾਂ ਨੂੰ ਸੁਣਦੇ ਹਨ… ਕਈਆਂ ਨੂੰ ਉਨ੍ਹਾਂ ਦੇ ਸਾਜ਼ ਤੇ ਗੀਤ ‘ਥਰਕਣ’ ਲਾ ਦਿੰਦੇ ਹਨ। ਚਲਦੀ ਗੱਡੀ ਦੀ ਆਵਾਜ਼ ਉਨ੍ਹਾਂ ਦੇ ਸੰਗੀਤ ਦਾ ‘ਰੰਗ’ ਬਣਦੀ ਹੈ। ਮਾਸੂਮ ਬੱਚਿਆਂ ਦਾ ਗੀਤ ਖਤਮ ਹੁੰਦਾ ਹੈ ਤੇ ਉਹ ਹਰੇਕ ਮੁਸਾਫ਼ਰ ਕੋਲ ਜਾ ਕੇ ਹੱਥ ਫੈਲਾਉਂਦਿਆਂ ਇਵਜ਼ ਵਜੋਂ ਕੋਈ ਪੈਸਾ-ਟਕਾ ਮੰਗਦੇ ਹਨ। ਬਚਪਨ ‘ਪਾਪੀ-ਪੇਟ’ ਲਈ ਬੇਵਸ ਹੋਇਆ ਨਜ਼ਰ ਆਉਂਦਾ ਹੈ। ਕਈ ਮੁਸਾਫ਼ਰ ਬੱਚਿਆਂ ’ਤੇ ਤਰਸ ਕਰਕੇ ਤੇ ਕੁਝ ਉਨ੍ਹਾਂ ਦਾ ਗੀਤ ਸੁਣ ਕੇ ਨੰਨ੍ਹੀ ਤਲੀ ਤ’ੇ ਰੁਪਏ ਰੱਖਦੇ ਹਨ…ਬੱਚੇ ਅੱਗੇ ਤੁਰਦੇ ਜਾਂਦੇ ਹਨ। ਮੁਸਾਫ਼ਰਾਂ ਲਈ ਇਹ ਸਾਧਾਰਨ ਗੱਲ ਹੈ ਕਿਉਂਕਿ ਹਰ ਕੋਈ ਆਪੋ ਆਪਣੇ ਕੰਮ ’ਚ ‘ਮਸਤ’ ਹੈ। ਕਿਸੇ ਕੋਲ ਖੇਡਣ ਲਈ ਮੋਬਾਈਲ ਹੈ, ਸੰਗੀਤ ਸੁਣਨ ਲਈ ਵਾਕਮੈਨ, ਸਮਾਂ ਮਾਰਨ ਲਈ ਤਾਸ਼ ਤੇ ਗੱਲਾਂ ਲਈ ਨਾਲ ਦੇ ਮੁਸਾਫ਼ਰ। ਅਜਿਹੇ ‘ਮੁਸਾਫਰਾਂ’ ਦੀਆਂ ਨਜ਼ਰਾਂ ’ਚ ਖੇਡਣ-ਮੱਲਣ ਦੀ ਉਮਰੇ ਮੰਗ ਕੇ ਗੁਜ਼ਾਰਾ ਕਰਦੇ ਮਾਸੂਮ ਚੁਭਦੇ ਨਹੀਂ। ਉਨ੍ਹਾਂ ਕੋਲ ਅਜਿਹਾ ਸੋਚਣ ਦਾ ‘ਵਕਤ’ ਵੀ ਨਹੀਂ ਕਿਉਂਕਿ ਹਰ ਕੋਈ ਆਪੋ-ਆਪਣੀ ਕਬੀਲਦਾਰੀ ’ਚ ‘ਫਸਿਆ’ ਹੈ। ਸਭਨਾਂ ਦੀਆਂ ਆਪਣੀਆਂ ਪ੍ਰੇਸ਼ਾਨੀਆਂ ਤੇ ਲੋੜਾਂ ਹਨ ਤੇ ਜਿਨ੍ਹਾਂ ਦੀ ਪੂਰਤੀ ਲਈ ਜੀਵਨ ‘ਬਸਰ’ ਹੋ ਰਿਹਾ ਹੈ। ਭਲਾਂ ਕਿਸੇ ਨੂੰ ਹੋਰ ਦੀ ਜ਼ਿੰਦਗੀ ਬਾਰੇ ‘ਸੋਚਣ’ ਦੀ ਕੀ ਲੋੜ ਐ? ਮਹਾਂਨਗਰ ਦਾ ਸਟੇਸ਼ਨ ਆਉਣ ਤੋਂ ਪਹਿਲਾਂ ਹਰ ਕੋਈ ਉੱਤਰਨ ਲਈ ਅਹੁਲਦਾ ਹੈ ਅਤੇ ਗੱਡੀ ਰੁਕਣ ਤੇ ਸਾਰੇ ਜਣੇ ਆਪੋ ਆਪਣੇ ਕੰਮ ਕਰਨ ਲਈ ਚਲੇ ਜਾਂਦੇ ਹਨ।
ਅਸੀਂ ਕੁਝ ਮਿੱਤਰ ਵਿਆਹ ’ਚ ਸ਼ਾਮਲ ਹੋਣ ਲਈ ਸ਼ਹਿਰ ਆਏ ਹਾਂ। ਸਾਡੇ ਜਾਂਦਿਆਂ ਹੀ ਪੈਲਿਸ ’ਚ ਵਿਆਹ ਦੇ ਜਸ਼ਨ ਸ਼ੁਰੂ ਹਨ। ਅੰਦਰ ਬਾਹਰ ਰੌਣਕ ਹੈ…ਬੱਚੇ, ਨੌਜਵਾਨ ਤੇ ਵੱਡੀ ਉਮਰ ਦੇ ਕਾਮੇ ਵੱਖ-ਵੱਖ ਕੰਮਾਂ ’ਚ ਮਸ਼ਰੂਫ਼ ਹਨ। ਕੋਈ ਆਪਣੇ ਸੁਪਨਿਆਂ ਨੂੰ ਮਾਰ ਕੇ ਮੋਟੇ ਵਿਅਕਤੀ ਦਾ ਕਵਚ ਪਹਿਨੀ ਮਹਿਮਾਨਾਂ ਨੂੰ ਖੁਸ਼ ਕਰਨ ਦੀ ਤਾਕ ’ਚ ਹੈ ਤੇ ਕੋਈ ਜਾਨ ਜੋਖ਼ਮ ’ਚ ਪਾ ਕੇ ਕਿਸੇ ਸਰਕਸ ਦੇ ਅਦਾਕਾਰ ਵਾਂਗ ਬਾਂਸ ਦੀਆਂ ਸੋਟੀਆਂ ਤੇ ਅਸਮਾਨੀ ਉੱਡਿਆ ਨਜ਼ਰ ਆਉਂਦਾ ਹੈ। ਅਸੀਂ ਬਾਹਰ ਦੇ ਲਾਅਨ ’ਚ ਬੈਠਦੇ ਹਾਂ, ਖਾਣ ਪੀਣ ਚੱਲ ਰਿਹਾ ਹੈ… ਵੇਟਰਾਂ ’ਚ ਕੋਟ ਤੇ ਟਾਈ ’ਚ ‘ਸਜੇ’ ਮੁੰਡਿਆਂ ਦੇ ਨਾਲ ਕੁੜੀਆਂ ਵੀ ਸ਼ਾਮਲ ਹਨ…। ਖਾਣ-ਪੀਣ ਲਈ ਮੂੰਹੋਂ ਮੰਗਿਆ ਸਮਾਨ ਮਿਲਦਾ ਹੈ…‘ਸਰੂਰ’ ਲਈ ਵੀ ਸਹੂਲਤ ਉਪਲਬਧ ਹੈ। ਜਿਸ ਨੂੰ ਹਰ ਕੋਈ ਆਪਣੀ ਲੋੜ ਅਨੁਸਾਰ ਲੈਂਦਾ ਹੈ। ਹਰੇਕ ਦਾ ਸਬੰਧ ਕੇਵਲ ਆਪਣੀ ‘ਖੁਸ਼ੀ’ ਨਾਲ ਹੈ… ਇਹੋ ਉਸ ਨੂੰ ਆਪਣੀ ਜ਼ਿੰਦਗੀ ਦੀ ‘ਜਿੱਤ’ ਜਾਪਦੀ ਹੈ…। ਘਰ ਦਿਆਂ ਲਈ ਵਿਆਹ ਦੀ ਖੁਸ਼ੀ ਹੈ, ਮਹਿਮਾਨਾਂ ਲਈ ਆਪਣੇ ‘ਆਨੰਦ’ ਦਾ ਆਲਮ…ਪਰ ਕਿਸੇ ਨੂੰ ਵੀ ਸਵਾਗਤ ਕਰਨ, ਸਟੇਜ ’ਤੇ ਨੱਚਣ, ਖਾਣਾ ਬਣਾਉਣ, ਪਰੋਸਣ ਤੇ ‘ਟਿੱਪ’ ਮੰਗਣ ਵਾਲਿਆਂ ਨੂੰ ਵੇਖ ‘ਇਨਸਾਫ਼’ ਦਾ ਤਕਾਜ਼ਾ ਨਜ਼ਰ ਨਹੀਂ ਆਉਂਦਾ ਕਿਉਂਕਿ ਉਨ੍ਹਾਂ ਦੀ ਨਜ਼ਰ ’ਚ ਇਹ ਤਾਂ ਕਿਸਮਤ ਕਰਮਾਂ ਦਾ ਖੇਲ ਹੈ, ਜਿਸ ’ਚ ਹਰ ਕੋਈ ਆਪਣੀ ‘ਡਿਊਟੀ’ ਨਿਭਾ ਰਿਹਾ ਹੈ।