Pages

About Me

My photo
Kulrian/Bareta, Punjab, India
I am simple and coool boy.

Monday 25 October 2010

ਤਕੀਆ ਕਲਾਮ ਦੇ ਪ੍ਰਸੰਗ

ਸੁਰਜੀਤ ਮਜਾਰੀ

ਜ਼ਿੰਦਗੀ ‘ਚ ਕਈ ਵਿਅਕਤੀ ਆਪਣੀ ਪੱਕ ਚੁੱਕੀ ਆਦਤ ਮੁਤਾਬਕ ਕੁਝ ਸ਼ਬਦਾਂ ਨੂੰ ਗੱਲਬਾਤ ਕਰਦਿਆਂ ਵਾਰ-ਵਾਰ ਵਰਤਣ ਲਈ ਮਜਬੂਰ ਹੁੰਦੇ ਹਨ ਜਿਸ ਨੂੰ ਅਸੀਂ ਸਬੰਧਤ ਵਿਅਕਤੀ ਦਾ ਤਕੀਆ ਕਲਾਮ ਵੀ ਕਹਿੰਦੇ ਹਾਂ। ਕਿਸੇ ਤਰ੍ਹਾਂ ਦਾ ਵੀ ਤਕੀਆ ਕਲਾਮ ਵਰਤਣ ਵਾਲੇ ਵਿਅਕਤੀ ਵੱਲੋਂ ਵਰਤਿਆ ਜਾਣ ਵਾਲਾ ਸ਼ਬਦ ਭਾਵੇਂ ਉਸ ਦੀ ਹਰ ਗੱਲ ‘ਚ ਵਾਰ-ਵਾਰ ਅੰਕਿਤ ਹੁੰਦਾ ਹੈ ਪਰ ਉਸ ਦਾ ਉਸ ਦੀ ਕਹੀ ਗੱਲ ਨਾਲ ਕੋਈ ਸਰੋਕਾਰ ਨਹੀਂ ਹੁੰਦਾ। ਅਜਿਹੇ ਸ਼ਬਦਾਂ ਨੂੰ ਵਾਰ-ਵਾਰ ਬੋਲਣ ਦੀ ਆਦਤ ਪੱਕਿਆਂ ਕਰ ਚੁੱਕੇ ਕੁਝ ਪਾਤਰਾਂ ਬਾਰੇ ਸਾਂਝੀ ਕਰਦੇ ਹਾਂ।
ਸਾਡੇ ਮਾਮਾ ਜੀ ਨੂੰ ਹਰ ਗੱਲ ਨਾਲ ‘ਮੁਆਫ ਕਰਨਾ’ ਸ਼ਬਦ ਕਹਿਣ ਦੀ ਆਦਤ ਹੈ। ਜਦੋਂ ਕਿਸੇ ਵਿਆਹ ‘ਚ ਸ਼ਾਮਲ ਹੋਣ ਤਾਂ ਉਨ੍ਹਾਂ ਦੀ ਗੱਲ ‘ਚ ਦਰਜ ਕੀਤਾ ਗਿਆ ਇਹ ਸ਼ਬਦ ‘ਮੁਆਫ ਕਰਨਾ, ਮੁੰਡੇ/ਕੁੜੀ ਦਾ ਹਾਣ ਬਿਲਕੁਲ ਸਹੀ ਹੈ।’ ਅਤੇ ਕਿਸੇ ਅਫਸੋਸ ‘ਤੇ ਬੈਠਿਆਂ ‘ਮੁਆਫ ਕਰਨਾ, ਤੁਹਾਡੇ ਬਜ਼ੁਰਗਾਂ ਦਾ ਸੁਭਾਅ ਬਹੁਤ ਵਧੀਆ ਸੀ’ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਦੋਵਾਂ ਸਥਿਤੀਆਂ ‘ਚ ਜੁੜੇ ਸਬੰਧੀਆਂ ਸਾਹਮਣੇ ਉਨ੍ਹਾਂ ਵੱਲੋਂ ਵਰਤਿਆ ਗਿਆ ਤਕੀਆ ਕਲਾਮ ਭਾਵੇਂ ਸੁਭਾਵਿਕ ਬੋਲਿਆ ਗਿਆ ਪਰ ਦੋਵਾਂ ਬੋਲਾਂ ‘ਚ ਇਸ ਦਾ ਅਰਥ ਕਹੀ ਜਾਣ ਵਾਲੀ ਗੱਲ ਨਾਲ ਕਿਸੇ ਪੱਖ ਤੋਂ ਵੀ ਨਹੀਂ ਜੁੜਦਾ।
ਇਵੇਂ ਗੁਆਂਢੀ ਪਿੰਡ ਤੋਂ ਨੰਬਰਦਾਰ ਹੋਰਾਂ ਨੂੰ ਹਰ ਗੱਲ ਨਾਲ ‘ਗੱਲਾਂ ਦੋ ਆ’ ਸ਼ਬਦ ਕਹਿਣ ਦੀ ਆਦਤ ਹੈ। ਉਹ ਜਦੋਂ ਵੀ ਕਿਸੇ ਨੂੰ ਮਿਲਦੇ ਹਨ ਤਾਂ ਆਪਣੀ ਗੱਲਬਾਤ ਕਰਦਿਆਂ ਇਹ ਸ਼ਬਦ ‘ਗੱਲਾਂ ਦੋ ਆ’ ਆਪ-ਮੁਹਾਰੇ ਆਖਦੇ ਜਾਂਦੇ ਹਨ। ‘ਗੱਲਾਂ ਦੋ ਹਨ’। ਫਿਰ ਉਹ ਇਕ ਗੱਲ ਸੁਣਾਉਣੀ ਵੀ ਸ਼ੁਰੂ ਕਰ ਦਿੰਦੇ ਹਨ ਪਰ ਜਦੋਂ ਉਨ੍ਹਾਂ ਦੀ ਗੱਲ ਮੁੱਕਦੀ ਹੈ ਤੇ ਦੂਜੀ ਗੱਲ ਕੀ ਹੈ, ਉਸ ਬਾਰੇ ਉਹ ਕੁਝ ਕਹਿੰਦੇ ਵੀ ਨਹੀਂ।…ਤੇ ਇਕ ਗੱਲ ਦੇ ਮੁੱਕਦਿਆਂ ਫਿਰ ਕਹਿ ਦੇਣਗੇ ਕਿ ‘ਗੱਲਾਂ ਦੋ ਆ’। ਇਵੇਂ ਗੱਲਾਂ ਕਰਦਿਆਂ ਕਰਦਿਆਂ ਉਹ ਇਕ-ਇਕ ਗੱਲ ਸੁਣਾਉਂਦੇ ਜਾਂਦੇ ਹਨ। ਅਜਿਹੀ ਸਥਿਤੀ ‘ਚ ਭਲਾ ਦੂਜੀ ਗੱਲ ਕਿੱਥੇ ਗਈ, ਬਾਰੇ ਸਾਹਮਣੇ ਸੁਣਨ ਵਾਲੇ ਨੂੰ ਕੁਝ ਪਤਾ ਨਹੀਂ ਲੱਗਦਾ।
‘ਤਕੀਆ ਕਲਾਮ’ ਵਰਤਣ ਵਾਲਿਆਂ ਦੀ ਲੜੀ ‘ਚ ਇਕ ਹੋਰ ਉਦਾਹਰਣ ਹੈ ਕਿ ਸਾਡੇ ਖੇਤਰ ਦੇ ਇਕ ਨਰਸਿੰਗ ਕਾਲਜ ਦੇ ਵਾਈਸ ਪ੍ਰਿੰਸੀਪਲ ਵੱਲੋਂ ‘ਮਤਲਬ’ ਸ਼ਬਦ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ। ਇਕ ਸਮਾਜਕ ਸਮਾਗਮ ‘ਚ ਉਹ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਸਟੇਜ ਤੋਂ ਹਰ ਗੱਲ ਨਾਲ ਹਰ ਸਤਰ ‘ਚ ਤੇ ਇਥੋਂ ਤਕ ਆਪਣੀ ਗੱਲ ਦੇ ਦੋ/ਚਾਰ ਸ਼ਬਦਾਂ ਤੋਂ ਬਾਅਦ ‘ਮਤਲਬ’ ਸ਼ਬਦ ਦੀ ਵਰਤੋਂ ਕਰੀ ਜਾ ਰਹੇ ਸਨ। ਕਹਿਣ ਦਾ ਭਾਵ ਉਨ੍ਹਾਂ ਨੇ ਆਪਣੀ ਤਕਰੀਰ ‘ਚ ਜਿੰਨੇ ਸ਼ਬਦਾਂ ਦੀ ਵਰਤੋਂ ਕੀਤੀ, ਘੱਟ ਤੋਂ ਘੱਟ ਉਨ੍ਹਾਂ ਦਾ ਤੀਜਾ ਹਿੱਸਾ ‘ਮਤਲਬ’ ਸ਼ਬਦ ਵਰਤਿਆ ਗਿਆ ਜਿਸ ਨਾਲ ਪੰਡਾਲ ‘ਚ ਹਾਸੇ ਦਾ ਮਾਹੌਲ ਬਣਦਾ ਰਿਹਾ।
ਅਜਿਹੇ ਤਕੀਆ ਕਲਾਮ ਵਰਤਣ ਦੀ ਆਦਤ ਕਦੋਂ ਪੱਕ ਜਾਂਦੀ ਹੈ, ਸਬੰਧਤ ਵਿਅਕਤੀ ਨੂੰ ਪਤਾ ਨਹੀਂ ਲਗਦਾ। ਜੇਕਰ ਕਿਸੇ ਦੀ ਇਸ ਆਦਤ ਨੂੰ ਸ਼ੁਰੂ-ਸ਼ੁਰੂ ‘ਚ ਟੋਕ ਦਿੱਤਾ ਜਾਵੇ ਤਾਂ ਇਹ ਆਦਤ ਪੱਕਣ ਤੋਂ ਪਹਿਲਾਂ ਰੋਕੀ ਵੀ ਜਾ ਸਕਦੀ ਹੈ। ਸਬੰਧਤ ਸ਼ਖਸ ਇਕ ਸ਼ਬਦ ਦੀ ਵਾਰ-ਵਾਰ ਵਰਤੋਂ ਕਰਨ ਦੇ ਬਾਵਜੂਦ ਇਹ ਨਹੀਂ ਜਾਣਦਾ ਹੁੰਦਾ ਕਿ ਉਸ ਵੱਲੋਂ ਆਪਣੀ ਗੱਲਬਾਤ ‘ਚ ਵਰਤਿਆ ਜਾਣ ਵਾਲਾ ਤਕੀਆ ਕਲਾਮ ਸਾਹਮਣੇ ਵਾਲੇ ਨੂੰ ਓਪਰਾ ਲੱਗਦਾ ਹੈ, ਉਹ ਤਾਂ ਆਪਣੀ ਤਰਤੀਬ ‘ਚ ਗੱਲ ਕਰਦਿਆਂ ਬੋਲਣ ਦੀ ਆਦਤ ਬਣੇ ਸ਼ਬਦ ਦਾ ਦੁਹਰਾਅ ਕਰਦਾ ਜਾਂਦਾ ਹੈ।

ਜੰਮੂ ਕਸ਼ਮੀਰ ਵਿੱਚ ਬਿਨਾਂ ਕਲਾਸਾਂ ਲਾਇਆ ਹੀ ਹੋ ਜਾਂਦੀ ਹੈ ਈ.ਟੀ.ਟੀ.

ਪੰਜਾਬ ਸਿੱਖਿਆ ਵਿਭਾਗ ਦੀ ਟੀਮ ਵੱਲੋਂ ਪੇਸ਼ ਰਿਪੋਰਟ ’ਚ ਬੇਨਿਯਮੀਆਂ ਦਾ ਖੁਲਾਸਾ

  • ਜੰਮੂ-ਕਸ਼ਮੀਰ ’ਚ ਈ.ਟੀ.ਟੀ. ਦੀ ਪੜ੍ਹਾਈ ਕਰਾਉਣ ਵਾਲੀਆਂ 334 ਸੰਸਥਾਵਾਂ, ਪੰਜਾਬ ਵਿੱਚ ਸਿਰਫ਼ 24

  • ਸਰਵਖੇਣ ਟੀਮਾਂ ਨੇ ਸਬੂਤ ਵਜੋਂ ਆਡੀਓ ਤੇ ਵੀਡੀਓ ਬਣਾਏ

  • ਪੰਜਾਬ ਸਰਕਾਰ ਨੇ ਕੇਂਦਰ ਨੂੰ ਪੱਤਰ ਲਿਖ ਕੇ ਦਖਲ ਮੰਗਿਆ

ਦਵਿੰਦਰ ਪਾਲ/ਟ੍ਰਿਬਿਊਨ ਨਿਊਜ਼ ਸਰਵਿਸ
ਪੰਜਾਬ ਦੇ ਸਿੱਖਿਆ ਵਿਭਾਗ ਨੇ ਗੁਆਂਢੀ ਸੂਬੇ ਜੰਮੂ ਕਸ਼ਮੀਰ ਵਿੱਚ ਚੱਲ ਰਹੀਆਂ ਐਲੀਮੈਂਟਰੀ ਟੀਚਰ ਟ੍ਰੇਨਿੰਗ (ਈ.ਟੀ.ਟੀ.) ਸੰਸਥਾਵਾਂ ਦੀ ਭਰੋਸੇਯੋਗਤਾ ’ਤੇ ਵੱਡਾ ਪ੍ਰਸ਼ਨ ਚਿੰਨ੍ਹ ਲਗਾਇਆ ਹੈ। ਰਾਜ ਦੀ ਸਾਬਕਾ ਸਿੱਖਿਆ ਮੰਤਰੀ ਤੇ ਮੌਜੂਦਾ ਵਿੱਤ ਮੰਤਰੀ ਡਾ.ਉਪਿੰਦਰਜੀਤ ਕੌਰ ਦੇ ਹੁਕਮਾਂ ’ਤੇ ਵਿਭਾਗ ਦੀਆ ਪੰਜ ਸਰਵੇਖਣ ਟੀਮਾਂ ਵੱਲੋਂ ਸਿੱਖਿਆ ਵਿਭਾਗ ਨੂੰ ਜਿਹੜੀ ਸਾਂਝੀ ਰਿਪੋਰਟ ਪੇਸ਼ ਕੀਤੀ ਗਈ ਹੈ ਉਸ ਮੁਤਾਬਕ ਜੰਮੂ ਕਸ਼ਮੀਰ ਦੀਆਂ ਸਿੱਖਿਆ ਸੰਸਥਾਵਾਂ ਵਿੱਚ ਪੰਜਾਬ ਦੇ ਸਕੂਲਾਂ ਲਈ ਅਜਿਹੇ ਅਧਿਆਪਕ ਤਿਆਰ ਹੋ ਰਹੇ ਹਨ ਜਿਨ੍ਹਾਂ ਨੂੰ ਖੁਦ ‘ਪੜ੍ਹਨ’ ਦੀ ਕੋਈ ਜ਼ਰੂਰਤ ਨਹੀਂ। ਸੰਸਥਾ ਵਿੱਚ ਬਿਨਾਂ ਹਾਜ਼ਰੀ ਤੇ ਪੜ੍ਹਾਈ ਤੋਂ ਹੀ ‘ਸਰਟੀਫਿਕੇਟ’ ਮਿਲ ਰਹੇ ਹਨ। ਸਰਵੇਖਣ ਟੀਮਾਂ ਨੇ ਸੰਸਥਾਵਾਂ ਦੇ ਮਾਲਕਾਂ, ਪ੍ਰਿੰਸੀਪਲਾਂ ਅਤੇ ਮੈਨੇਜਰਾਂ ਆਦਿ ਨਾਲ ਗੱਲਬਾਤ ਦੌਰਾਨ ਦਸਤਾਵੇਜ਼ ਹੀ ਇਕੱਠੇ ਨਹੀਂ ਕੀਤੇ ਸਗੋਂ ਸੰਸਥਾਵਾਂ ਦੀਆਂ ਫੋਟੋਆਂ ਅਤੇ ਆਡੀਓ ਰਿਕਾਰਡ ਕੀਤੀ ਗਈ।
ਜੰਮੂ ਕਸ਼ਮੀਰ ਵਿੱਚ ਈ.ਟੀ.ਟੀ. ਦੀ ਪੜ੍ਹਾਈ ਕਰਾਉਣ ਵਾਲੀਆਂ ਸੰਸਥਾਵਾਂ ਦੀ ਗਿਣਤੀ 334 ਹੈ ਤੇ ਪੰਜਾਬ ਵਿੱਚ ਅਜਿਹੀਆਂ ਸੰਸਥਾਵਾਂ ਦੀ ਗਿਣਤੀ 24 ਹੈ। ਸਿੱਖਿਆ ਵਿਭਾਗ ਦੀ ਇਸ ਰਿਪੋਰਟ ਮੁਤਾਬਕ ਜੰਮੂ ਕਸ਼ਮੀਰ ਵਿੱਚ ਚੱਲਦੀਆਂ ਇਹ ਸਿੱਖਿਆ ਸੰਸਥਾਵਾਂ ਈ.ਟੀ.ਟੀ. ਦੇ ਸਰਟੀਫਿਕੇਟ ਦੇਣ ਵਾਲੀਆਂ ਮਹਿਜ਼ ‘ਦੁਕਾਨਾਂ’ ਬਰਾਬਰ ਹਨ। ਸਿੱਖਿਆ ਵਿਭਾਗ ਦੇ ਜਿਨ੍ਹਾਂ ਅਧਿਕਾਰੀਆਂ ਨੇ ਸਰਵੇਖਣ ਕੀਤਾ ਹੈ ਉਨ੍ਹਾਂ ਮੁਤਾਬਕ ਇਸ ਰਾਜ ਵਿੱਚ ਚੱਲਦੀਆਂ ਸੰਸਥਾਵਾਂ ਨੈਸ਼ਨਲ ਕੌਂਸਲ ਆਫ਼ ਟੀਚਰਜ਼ ਐਜੂਕੇਸ਼ਨ (ਐਨ.ਸੀ.ਟੀ.ਈ.) ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨ ਰਿਸਰਚ ਅਤੇ ਟ੍ਰੇਨਿੰਗ (ਐਨ.ਸੀ.ਈ.ਆਰ.ਟੀ.) ਦੇ ਦਿਸ਼ਾ ਨਿਰਦੇਸ਼ਨਾਂ ਦੇ ਉਲਟ ਮਕਾਨਾਂ, ਦੁਕਾਨਾਂ ਆਦਿ ਵਿੱਚ ਹੀ ਚੱਲ ਰਹੀਆਂ ਹਨ। ਰਿਪੋਰਟ ਮੁਤਾਬਕ ਸਮਰ ਇੰਸਟੀਚਿਊਟ ਆਫ਼ ਐਜੂਕੇਸ਼ਨ ਦੇ ਨਾਂ ਜਿਨ੍ਹਾਂ ਵਿਅਕਤੀਆਂ ਵੱਲੋਂ ਅਜਿਹੀਆਂ ਸੰਸਥਾਵਾਂ ਚਲਾਈਆਂ ਜਾ ਰਹੀਆਂ ਹਨ ਉਨ੍ਹਾਂ ਦੀਆਂ ਕੁੱਲ ਪੰਜ ਸੰਸਥਾਵਾਂ ਹਨ। ਰਿਪੋਰਟ ਵਿੱਚ ਇੱਕ ਮਿਸਾਲ ਦਿੱਤੀ ਗਈ ਹੈ ਕਿ ਜੈ ਗੁਰੂ ਦੇਵ ਨਾਂ ਸੰਸਥਾ ਦਾ ਮਾਲਕ ਜਿਸ ਦੀ ਮਨਿਆਰੀ ਦੀ ਦੁਕਾਨ ਹੈ ਪਰ ਇਸ ਦੀਆਂ ਅਜਿਹੀਆਂ ਤਿੰਨ ਸੰਸਥਾਵਾਂ ਵੀ ਹਨ।
ਇਨ੍ਹਾਂ ਸੰਸਥਾਵਾਂ ਵਿੱਚ ਦਾਖਲਾ ਲੈਣ ਤੋਂ ਪਹਿਲਾਂ ਵਿਦਿਆਰਥੀ ਨੂੰ ਖੁਦ ਜਾਣ ਦੀ ਜ਼ਰੂਰਤ ਨਹੀਂ ਤੇ ਟੀਚਿੰਗ ਪ੍ਰੈਕਟਿਸ ਅਤੇ ਸਾਲਾਨਾ ਪ੍ਰੀਖਿਆ ਸਮੇਂ ਇੱਕ ਮਹੀਨੇ ਲਈ ਜਾਣਾ ਪੈਂਦਾ ਹੈ। ਸਰਵੇਖਣ ਟੀਮਾਂ ਨੇ ਐਨ.ਸੀ.ਟੀ.ਈ. ਤੇ ਐਨ.ਸੀ.ਈ.ਆਰ.ਟੀ. ਦੇ ਨਿਰਦੇਸ਼ਾਂ ਦੀ ਉਲੰਘਣਾਂ ਦੇ ਕਈ ਮਾਮਲੇ ਤਾਂ ਦੇਖੇ ਹੀ ਸਗੋਂ ਕਿਸੇ ਵੀ ਸੰਸਥਾ ਵਿੱਚ ਇਕ ਵੀ ਵਿਦਿਆਰਥੀ ਪੜ੍ਹਦਾ ਨਹੀਂ ਦੇਖਿਆ। ਇਸ ਦੇ ਉਲਟ ਗੱਲਬਾਤ ਦੌਰਾਨ ਪ੍ਰਿੰਸੀਪਲ, ਮੈਨੇਜਰ ਅਤੇ ਮਾਲਕ ਮੰਨਦੇ ਹਨ ਕਿ ਵਿਦਿਆਰਥੀਆਂ ਨੂੰ ਇਹ ਪੜ੍ਹਾਈ ਕਰਨ ਲਈ ਕਲਾਸਾਂ ਲਾਉਣ ਦੀ ਜ਼ਰੂਰਤ ਨਹੀਂ ਹੈ। ਪੰਜਾਬ ਦੇ ਸਿੱਖਿਆ ਵਿਭਾਗ ਦਾ ਮੰਨਣਾ ਹੈ ਕਿ ਜੰਮੂ ਕਸ਼ਮੀਰ ਦੀਆਂ ਸੰਸਥਾਵਾਂ ਵੱਲੋਂ ਜਿਸ ਤਰੀਕੇ ਨਾਲ ਪੜ੍ਹਾਈ ਕਰਵਾਈ ਜਾ ਰਹੀ ਹੈ ਉਸ ਮੁਤਾਬਕ ਚਾਲੂ ਸਾਲ ਦੇ ਅੰਤ ਤੱਕ ਈ.ਟੀ.ਟੀ. ਕਰਨ ਵਾਲਿਆਂ ਦੀ ਗਿਣਤੀ 71,080 ਹੋ ਜਾਵੇਗੀ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਜਿਹੀਆਂ ਸੰਸਥਾਵਾਂ ਤੋਂ ਈ.ਟੀ.ਟੀ. ਦੇ ਸਰਟੀਫਿਕੇਟ ਲੈਣ ਵਾਲੇ ਵਿਅਕਤੀ ਨੂੰ ਪੰਜਾਬ ਰਾਜ ਵਿੱਚ ਨੌਕਰੀ ਲਈ ਵਿਚਾਰਿਆ ਨਹੀਂ ਜਾਣਾ ਚਾਹੀਦਾ। ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਕੇਂਦਰੀ ਮਨੁੱਖੀ ਸਾਧਨ ਤੇ ਵਿਕਾਸ ਮੰਤਰਾਲੇ ਦੇ ਮੰਤਰੀ ਕਪਿਲ ਸਿੱਬਲ ਨੂੰ ਪੱਤਰ ਲਿਖ ਕੇ ਇਸ ਮਾਮਲੇ ਵਿੱਚ ਦਖਲ ਦੇਣ ਦੀ ਮੰਗ ਕੀਤੀ ਹੈ।

Saturday 23 October 2010

ਕਿਸਮਤ ਤੇ ਤਰੱਕੀ

ਦਲੀਪ ਸਿੰਘ ਵਾਸਨ
ਮੰਨ ਲੈਂਦੇ ਹਾਂ ਕਿ ਆਦਮੀ ਦੀ ਕਿਸਮਤ, ਹੋਣੀ ਰੱਬ ਆਪ ਲਿਖਦਾ ਹੈ ਪਰ ਇਹ ਵੀ ਇਕ ਸਚਾਈ ਹੈ ਕਿ ਇਸ ਆਦਮੀ ਨੇ ਵੀ ਬਹੁਤ ਸਾਰੀਆਂ ਪ੍ਰਾਪਤੀਆਂ ਕੀਤੀਆਂ ਹਨ। ਖੋਜਾਂ ਕੀਤੀਆਂ ਹਨ ਅਤੇ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿਚ ਅਨੇਕਾਂ ਹੀ ਕਾਢਾਂ ਕੱਢ ਕੇ ਇਸ ਆਦਮੀ ਦੀ ਜੀਵਨ ਸੌਖਾ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਕਾਮਯਾਬ ਵੀ ਹੋਏ ਹਨ। ਇਹ ਧਰਤੀ ਜਦ ਬਣੀ ਸੀ ਤਾਂ ਇਕ ਜੰਗਲ ਸੀ। ਅੱਜ ਇਸ ਧਰਤੀ ਦੇ ਲੋਕੀਂ ਆਸਮਾਨ ਨਾਲ ਗੱਲਾਂ ਕਰਨ ਲਗ ਪਏ ਹਨ। ਕਿੰਨੀਆਂ ਹੀ ਕਾਢਾਂ ਹੋਂਦ ਵਿਚ ਆ ਗਈਆਂ ਹਨ ਅਤੇ ਆਦਮੀ ਅੱਗੇ ਨਾਲੋਂ ਕਿੰਨਾ ਹੀ ਸੌਖਾ ਹੋ ਗਿਆ ਹੈ। ਇਹ ਵੀ ਸਾਫ ਦਿਖਾਈ ਦੇ ਰਿਹਾ ਹੈ ਕਿ ਜਿਹੜੇ ਆਦਮੀ ਸਿਰਫ ਭਗਤੀ ਕਰਦੇ ਹਨ ਜਾਂ ਅਰਦਾਸਾਂ ਕਰਦੇ ਹਨ ਅਤੇ ਆਪ ਨਾ ਕੋਈ ਯੋਜਨਾ ਬਣਾਉਂਦੇ ਹਨ ਅਤੇ ਨਾ ਹੀ ਕਿਸੇ ਯੋਜਨਾ ਉਤੇ ਕੰਮ ਹੀ ਕਰਦੇ ਹਨ, ਉਹ ਪਛੜ ਜਾਂਦੇ ਹਨ। ਜੇ ਅਜਿਹੇ ਲੋਕਾਂ ਦੀ ਗਿਣਤੀ ਜ਼ਿਆਦਾ ਹੋਵੇ ਤਾਂ ਸਾਰਾ ਦੇਸ਼ ਹੀ ਪਛੜ ਜਾਂਦਾ ਹੈ। ਸਾਡਾ ਦੇਸ਼ ਭਾਰਤ ਇਸ ਵਕਤ ਪਛੜਿਆਂ ਦੀ ਸੂਚੀ ਵਿਚ ਸ਼ਾਮਲ ਹੈ ਕਿਉਂਕਿ ਸਾਡੇ ਦੇਸ਼ ਦੇ ਲੋਕਾਂ ਅੰਦਰ ਪਹਿਲੀ ਗਲਤੀ ਇਹ ਹੈ ਕਿ ਉਹ ਰੱਬ ਪਾਸੋਂ ਮਦਦ ਨਹੀਂ ਮੰਗਦੇ, ਸਿਰਫ ਭਗਤੀ ਕਰਦੇ ਹਨ। ਅਰਦਾਸਾਂ ਕਰਦੇ ਹਨ ਅਤੇ ਸਾਰਾ ਕੰਮ ਰੱਬ ਉਤੇ ਛੱਡ ਦਿੰਦੇ ਹਨ। ਇਹੀ ਹਾਲ ਹੋਰ ਦੇਸ਼ਾਂ ਵਿਚ ਵਸਦੇ ਲੋਕਾਂ ਦਾ ਵੀ ਹੈ ਜਿਹੜੇ ਕੰਮ ਕਰਨ ਵਿਚ ਵਿਸ਼ਵਾਸ ਨਹੀਂ ਕਰਦੇ ਅਤੇ ਜ਼ਿਆਦਾ ਸਮਾਂ ਰੱਬ ਦੀ ਭਗਤੀ ਵਿਚ ਲਗਾਉਂਦੇ ਹਨ ਅਤੇ ਸਿਰਫ ਅਰਦਾਸਾਂ ਕਰੀ ਜਾਂਦੇ ਹਨ। ਆਦਮੀ ਪਾਸ ਸਰੀਰ ਅਤੇ ਕਿੰਨੇ ਹੀ ਅੰਗ ਹਨ ਅਤੇ ਸਾਰੇ ਅੰਗ ਕੰਮ ਕਰਨਾ ਚਾਹੁੰਦੇ ਹਨ। ਜੇ ਇਹ ਕੰਮ ਉਤੇ ਨਾ ਲਗਾਏ ਜਾਣ ਤਾਂ ਇਹ ਅੰਗ ਨਕਾਰਾ ਹੋ ਜਾਂਦੇ ਹਨ। ਕਮਜ਼ੋਰ ਹੋ ਜਾਂਦੇ ਹਨ ਅਤੇ ਆਦਮੀ ਅਪਾਹਜਾਂ ਵਰਗਾ ਹੋ ਜਾਂਦਾ ਹੈ। ਇਸ ਕਰਕੇ ਭਗਤੀ ਵਗੈਰਾ ਕਰੋ, ਪਰ ਕੰਮ ਕਰਨਾ ਬੰਦ ਨਾ ਕਰੋ ਅਤੇ ਨਾ ਹੀ ਇੰਨਾ ਵਿਸ਼ਵਾਸ ਹੀ ਰੱਖੋ ਕਿ ਰੱਬ ਹੀ ਤੁਹਾਡੇ ਕੰਮ ਕਰੇਗਾ। ਰੱਬ ਆਪ ਕੁਝ ਨਹੀਂ ਕਰਦਾ ਅਤੇ ਇਸ ਦੁਨੀਆਂ ਵਿਚ ਜੋ ਵੀ ਕੀਤਾ ਗਿਆ ਹੈ, ਉਹ ਸਾਰਾ ਕੁਝ ਰੱਬ ਨੇ ਆਦਮੀ ਪਾਸੋਂ ਹੀ ਕਰਵਾਇਆ ਹੈ।
ਲਗਦਾ ਹੈ ਰੱਬ ਨੇ ਸਾਰੀਆਂ ਸ਼ਕਤੀਆਂ ਆਦਮੀ ਪਾਸ ਹੀ ਦੇ ਰੱਖੀਆਂ ਹਨ। ਇਹ ਆਦਮੀ ਹੀ ਹੈ ਜਿਹੜਾ ਸਾਰੇ ਕੰਮ ਕਰਦਾ ਆ ਰਿਹਾ ਹੈ। ਸਾਡੇ ਮਿਥਿਹਾਸ ਵਿਚ ਵੀ ਸਾਰੇ ਪਾਤਰ ਆਦਮੀ ਹੀ ਸਨ ਅਤੇ ਇਸੇ ਤਰ੍ਹਾਂ ਸਾਡੇ ਇਤਿਹਾਸ ਅਤੇ ਸਾਹਿਤ ਅੰਦਰ ਵੀ ਸਾਰੇ ਪਾਤਰ ਆਦਮੀ ਹੀ ਸਨ। ਕਿਧਰੇ ਕਿਧਰੇ ਅਸੀਂ ਹੋਰ ਸ਼ਕਲਾਂ ਬਣਾ ਦਿੱਤੀਆਂ ਹਨ ਤਾਂ ਇਹ ਵੀ ਸਾਡੀਆਂ ਹੀ ਕਾਢਾਂ ਸਨ। ਇਉਂ ਲਗਦਾ ਹੈ ਇਹ ਆਦਮੀ ਹੀ ਰੱਬ ਹੈ ਅਤੇ ਇਹੀ ਕਰਤਾ ਹੈ। ਅੱਜ ਤਕ ਜੋ ਕੁਝ ਵੀ ਹੋਇਆ ਹੈ, ਉਹ ਆਦਮੀ ਹੱਥੋਂ ਕਰਵਾਇਆ ਗਿਆ ਹੈ ਅਤੇ ਇਉਂ ਲਗਦਾ ਹੈ ਕਿ ਭਵਿੱਖ ਵਿਚ ਵੀ ਜੋ ਕੁਝ ਹੋਵੇਗਾ, ਰੱਬ ਇਸ ਆਦਮੀ ਪਾਸੋਂ ਹੀ ਕਰਵਾਏਗਾ। ਜੇ ਕਿਸਮਤ ਅਤੇ ਹੋਣੀ ਰੱਬ ਲਿਖਦਾ ਵੀ ਹੈ ਤਾਂ ਸਾਨੂੰ ਇਹ ਨਹੀਂ ਦੱਸਦਾ ਕੱਲ੍ਹ ਕੀ ਹੋਣ ਵਾਲਾ ਹੈ। ਆਦਮੀ ਹਮੇਸ਼ਾ ਕੋਸ਼ਿਸ਼ ਕਰਦਾ ਦਿਖਾਈ ਦੇ ਰਿਹਾ ਹੈ ਅਤੇ ਇਸ ਦਾ ਮਤਲਬ ਇਹ ਨਿਕਲਦਾ ਹੈ ਕਿ ਸਦੀਆਂ ਤੋਂ ਇਹ ਆਦਮੀ ਆਪਣੇ ਆਪ ਵਿਚ ਵਿਸ਼ਵਾਸ ਰੱਖ ਕੇ ਅੱਗੇ ਤੁਰਦਾ ਆ ਰਿਹਾ ਹੈ। ਜੇ ਇਹ ਭਗਤੀ ਕਰਦਾ ਹੈ ਜਾਂ ਅਰਦਾਸਾਂ ਕਰਦਾ ਹੈ ਤਾਂ ਵੀ ਆਪਣੀ ਕਾਮਯਾਬੀ ਲਈ ਹੀ ਕਰਦਾ ਹੈ। ਇਹ ਸਵਰਗ ਅਤੇ ਅਮੀਰੀ ਮੰਗਣਾ ਤਾਂ ਫਰਜ਼ੀ ਹੈ। ਅੰਦਰਖਾਤੇ ਆਦਮੀ ਜਾਣਦਾ ਹੈ ਕਿ ਕੋਈ ਵੀ ਅਣਹੋਣੀ ਜਲਦੀ ਕੀਤਿਆਂ ਨਹੀਂ ਵਾਪਰਨੀ ਅਤੇ ਸਾਰਾ ਕੁਝ ਆਦਮੀ ਨੂੰ ਆਪ ਹੀ ਕਰਨਾ ਪਵੇਗਾ। ਆਦਮੀ ਐਸਾ ਕੁਝ ਸੋਚਦਾ ਹੈ ਅਤੇ ਇਸ ਮੁਤਾਬਕ ਹੀ ਕੰਮ ਕਰਦਾ ਆ ਰਿਹਾ ਹੈ। ਇਹੀ ਜ਼ਿੰਦਗੀ ਹੈ ਅਤੇ ਜ਼ਿੰਦਗੀ ਦਾ ਇਹ ਰਾਜ਼ ਜਿਸ ਆਦਮੀ ਦੀ ਸਮਝ ਵਿਚ ਆ ਗਿਆ ਹੈ, ਉਹ ਆਦਮੀ ਤਰੱਕੀ ਕਰੇਗਾ।